ਇਹ ਹੈ ਉਹ ਚਾਲੀ ਕਮਰਿਆਂ ਵਾਲੀ ਪੰਜ ਮੰਜ਼ਿਲਾਂ ਆਲੀਸ਼ਾਨ ਹਵੇਲੀ ਜੋ ਸ਼ੇਰ ਏ ਪੰਜਾਬ ਨੇ ਕੰਵਰ ਨੌਨਿਹਾਲ ਸਿੰਘ ਨੂੰ ਉਸ ਦੇ ਵਿਆਹ ‘ਤੇ ਤੋਹਫੇ ਵਜੋਂ ਦਿੱਤੀ ਸੀ।

ਕੈਸਾ ਅਨੋਖਾ ਵਿਆਹ ਸੀ ਇਹ । ਤੋਹਫੇ ਕਿਤੇ ਮਹਾਰਾਜਾ ਸਾਹਿਬ ਨੇ ਸਿਰਫ ਕੰਵਰ ਸਾਹਿਬ ਤੇ ਬੀਬੀ ਨਾਨਕੀ ਕੌਰ ਨੂੰ ਥੋੜਾ ਦਿੱਤੇ ਸਨ ਪੂਰੇ ਪੰਜਾਬ ਦਾ ਕੋਈ ਵੀ ਪਰਿਵਾਰ ਤੋਹਫਿਆਂ ਤੋਂ ਸੱਖਣਾ ਨਹੀਂ ਰਿਹਾ ਸੀ।
ਏਥੋਂ ਤਕ ਕਿ ਕੀੜੀਆਂ ਦੀ ਵਲਟੋਹੀ ਭਰ ਕੇ ਲਿਆਇਆ ਇਕ ਸਖਸ਼ ਜੋ ਸਾਰੀਆਂ ਕੀੜੀਆਂ ਨੂੰ ਆਪਣਾ ਪਰਿਵਾਰ ਦੱਸਦਾ ਸੀ ਉਸ ਦੀ ਵਲਟੋਹੀ ਵੀ ਸੋਨੇ ਦੀਆਂ ਮੋਹਰਾਂ ਨਾਲ ਭਰੀ ਗਈ।
ਲਾਹੋਰ ਤੋਂ ਅਟਾਰੀ ਤਕ ਲੋਕ ਕਤਾਰਾਂ ਲਾ ਕੇ ਖਲੋਤੇ ਸਨ ਬਾਰਾਤ ਨੇ ਜੋ ਲੰਘਣਾ ਸੀ। ਸਾਰੇ ਵੱਡੇ ਸਰਦਾਰਾਂ ਦੇ ਹਾਥੀਆਂ ਤੇ ਸੋਨੇ ਦੀਆਂ ਮੋਹਰਾਂ ਦੇ ਭਰੇ ਬੋਰੇ ਰੱਖੇ ਹੋਏ ਸਨ ਲੋਕਾਂ ਵੱਲ ਸੁੱਟਣ ਲਈ। ਆਪਣੇ ਹਾਥੀ ‘ਤੇ ਰੱਖੇ ਬੋਰਿਆਂ ਵਲ ਵਾਇਸਰਾਏ ਹੈਰਾਨੀ ਨਾਲ ਦੇਖ ਰਿਹਾ ਸੀ ਕਿਉਂਕਿ ਇਹੀ ਤਾਂ ਸੀ ਜੋ ਈਸਟ ਇੰਡੀਆ ਕੰਪਨੀ ਲੁੱਟਣ ਆਈ ਸੀ ਪਰ ਸ਼ੇਰ ਏ ਪੰਜਾਬ ਇਹ ਪੰਜਾਬ ਦੇ ਲੋਕਾਂ ਉੱਤੋਂ ਵਾਰ ਰਿਹਾ ਸੀ।
ਕਹਿੰਦੇ ਨੇ ਸ਼ੇਰ ਏ ਪੰਜਾਬ ਨੇ ਏਸ ਵਿਆਹ ਵਿੱਚ ਏਨਾ ਦਾਨ ਕੀਤਾ ਕਿ ਲੋਕ ਛੇ ਮਹੀਨੇ ਤਕ ਵਿਹਲੇ ਬੈਠੇ ਖਾ ਸਕਦੇ ਸਨ।
…ਤੇ ਇਹ ਚਾਲੀ ਕਮਰਿਆਂ ਵਾਲੀ ਹਵੇਲੀ ਜੋ ਕੰਵਰ ਸਾਹਿਬ ਨੂੰ ਵਿਆਹ ਦਾ ਤੋਹਫਾ ਸੀ। ਇਸਦੀ ਖੂਬਸੂਰਤੀ ਦੇਖਿਆਂ ਹੀ ਬਣਦੀ ਹੈ। ਪੰਜ ਮੰਜਿਲਾ ਇਸ ਹਵੇਲੀ ਦੀਆਂ ਦੀਵਾਰਾਂ ਉੱਤੇ ਬਣੇ ਕੰਧ ਚਿੱਤਰ ਅੱਜ ਵੀ ਏਨੇ ਸੱਜਰੇ ਜਾਪਦੇ ਨੇ ਜਿਵੇਂ ਕੱਲ ਬਣੇ ਹੋਣ। ਪੰਜਵੀਂ ਮੰਜਿਲ ‘ਤੇ ਬਣੇ ਕੰਵਰ ਸਾਹਿਬ ਤੇ ਬੀਬੀ ਨਾਨਕੀ ਕੌਰ ਦੇ ਕਮਰੇ ਸੁੰਦਰਤਾ ਅੱਗੇ ਅਜ ਦੇ ਵੱਡੇ ਤੋਂ ਵੱਡੇ ਅਮੀਰਾਂ ਦੇ ਆਲੀਸ਼ਾਨ ਮਹੱਲ ਤੁੱਛ ਜਾਪਦੇ ਹਨ। ਛੱਤ ਵਿਚ ਲੱਗੇ ਬੇਸ਼ਕੀਮਤੀ ਹੀਰੇ ਤਾਂ
ਗੋਰੇ ਪੱਟ ਕੇ ਲੈ ਗਏ ਪਰ ਕੰਧਾਂ ਉੱਤੇ ਸੋਨੇ ਨਾਲ ਕੀਤੀ ਕਢਾਈ
ਅੱਜ ਵੀ ਝਲਕਾਂ ਮਾਰਦੀ ਹੈ।